ਮਾਨਵ ਜਾਤੀ ਦੇ ਇਤਿਹਾਸ ਵਿੱਚ ਦੱਬੇ-ਕੁਚਲੇ ਲੋਕਾਂ ਦਾ ਐਸਾ ਕੋਈ ਵੀ ਮਹਾਨ ਅੰਦੋਲਨ ਨਹੀਂ ਹੋਇਆ, ਜਿਸ ਵਿੱਚ ਕਿਰਤੀ ਔਰਤਾਂ ਦੀ ਸ਼ਮੂਲੀਅਤ ਨਾ ਹੋਵੇ।
ਕਿਰਤੀ ਔਰਤਾਂ ਜੋ ਦੱਬੇ-ਕੁਚਲਿਆਂ ’ਚੋਂ ਸਭ ਤੋਂ ਵੱਧ ਪੀੜ੍ਹਤ ਹਨ – ਮੁਕਤੀ ਸੰਗਰਾਮ ਤੋਂ ਕਦੇ ਦੂਰ ਨਹੀਂ ਰਹੀਆਂ ਤੇ ਨਾ ਹੀ ਰਹਿ ਸਕਦੀਆਂ ਹਨ। ਜਿਵੇਂ ਸਭ ਨੂੰ ਪਤਾ ਹੈ ਕਿ ਅਜਿਹੇ ਮੁਕਤੀ ਸੰਘਰਸ਼ਾਂ ਨੇ ਸੈਂਕੜੇ ਹਜ਼ਾਰਾਂ ਬਹਾਦੁਰ ਨਾਇਕਾਵਾਂ ਪੈਦਾ ਕੀਤੀਆਂ ਹਨ। ਭੂਮੀ ਗੁਲਾਮਾਂ ਦੇ ਮੁਕਤੀ ਸੰਘਰਸ਼ ਦੀਆਂ ਸਫਾਂ ਵਿੱਚ ਹਜ਼ਾਰਾਂ ਮਿਹਨਤਕਸ਼ ਔਰਤਾਂ ਨੂੰ ਜੂਝਦਿਆਂ ਵੇਖਿਆ ਜਾ ਸਕਦਾ ਸੀ। ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਲੱਖਾਂ ਕਿਰਤੀ ਔਰਤਾਂ, ਮਜ਼ਦੂਰ ਜਮਾਤ ਦੇ ਇਨਕਲਾਬੀ ਸੰਘਰਸ਼ਾਂ ਦੇ ਝੰਡੇ ਹੇਠ ਹਰ ਥਾਂ ਲੜ ਰਹੀਆਂ ਹਨ। ਇਹ ਇਨਕਲਾਬੀ ਸੰਘਰਸ਼ ਦੱਬੀ-ਕੁਚਲੀ ਜਨਤਾ ਦੇ ਬਾਕੀ ਸਾਰੇ ਮੁਕਤੀ ਸੰਘਰਸ਼ਾਂ ਵਿੱਚੋਂ ਸਭ ਤੋਂ ਸ਼ਕਤੀਸ਼ਾਲੀ ਸੰਘਰਸ਼ ਹੈ।
ਔਰਤ ਕੌਮਾਂਤਰੀ ਦਿਵਸ – ਮਜ਼ਦੂਰ ਵਰਗ ਦੇ ਮੁਕਤੀ ਸੰਘਰਸ਼ਾਂ ਦੇ ਮਹਾਨ ਭਵਿੱਖ ਦੀਆਂ ਜੇਤੂ ਭਾਵਨਾਵਾਂ ਅਤੇ ਸ਼ਾਨਦਾਰ ਸੰਭਾਵਨਾਵਾਂ ਦਾ ਹੀ ਪ੍ਰਤੀਕ ਹੈ।
ਮਜ਼ਦੂਰ-ਕਿਸਾਨ ਮਿਹਨਤਕਸ਼ ਔਰਤਾਂ, ਮਜ਼ਦੂਰ ਜਮਾਤ ਦੀ ਸਭ ਤੋਂ ਵੱਡੀ ਰਾਖਵੀਂ ਸ਼ਕਤੀ ਹਨ। ਉਹ ਸਮਾਜ ਦੀ ਅੱਧੀ ਅਬਾਦੀ ਹਨ। ਪ੍ਰੋਲੇਤਾਰੀ ਮਜ਼ਦੂਰ ਸੰਘਰਸ਼ਾਂ ਦਾ ਭਵਿੱਖ, ਪ੍ਰੋਲੇਤਾਰੀ ਇਨਕਲਾਬ ਦੀ ਜਿੱਤ ਹਾਰ ਅਤੇ ਇਨਕਲਾਬ ਤੋਂ ਬਾਅਦ ਪ੍ਰੋਲੇਤਾਰੀ ਰਾਜ ਸੱਤਾ ਦੀ ਜਿੱਤ ਹਾਰ- ਇਸ ਗੱਲ ਤੇ ਨਿਰਭਰ ਹੈ ਕਿ ਇਹ ਰਾਖਵੀਂ ਸ਼ਕਤੀ ਮਜ਼ਦੂਰ ਵਰਗ ਦੇ ਹੱਕ ਵਿੱਚ ਖੜੀ ਹੁੁੰਦੀ ਹੈ ਜਾਂ ਇਸਦੇ ਖਿਲਾਫ ਸਰਮਾਏਦਾਰੀ ਦੇ ਪੱਖ ਵਿੱਚ।
ਔਰਤ ਕੌਮਾਂਤਰੀ ਦਿਵਸ – ਮਜ਼ਦੂਰ ਔਰਤਾਂ ਦੀ ਰਿਜਰਵ ਸ਼ਕਤੀ ਨੂੰ ਪ੍ਰੋਲੇਤਾਰੀ ਦੇ ਪੱਖ ਵਿੱਚ ਜਿੱਤ ਲੈਣ ਦਾ ਇੱਕ ਜ਼ਰੀਆ ਹੈ। ਉਂਝ ਕਿਰਤੀ ਔਰਤਾਂ ਕੇਵਲ ਰਿਜਰਵ ਤਾਕਤ ਹੀ ਨਹੀਂ ਹਨ, ਬਲਕਿ ਜੇਕਰ ਮਜ਼ਦੂਰ ਵਰਗ ਠੀਕ ਨੀਤੀ ਤੇ ਚੱਲੇ ਤਾਂ ਉਹ ਪੂੰਜੀਪਤੀ ਵਰਗ ਖਿਲਾਫ ਲੜਨ ਵਾਲੀ ਮਜ਼ਦੂਰ ਵਰਗ ਦੀ ਸੱਚੀ ਸੈਨਾ ਵੀ ਬਣ ਸਕਦੀਆਂ ਹਨ। ਉਨ੍ਹਾਂ ਨੂੰ ਲਾਜ਼ਮੀ ਐਹੋ-ਜਿਹੀ ਸੈਨਾ ਬਣਾਇਆ ਵੀ ਜਾਣਾ ਚਾਹੀਦਾ ਹੈ। ਇਹ ਮਜ਼ਦੂਰ ਜਮਾਤ ਤੇ ਉਸਦੀ ਪਾਰਟੀ ਦਾ ਫੈਸਲਾਕੁੰਨ ਕਾਰਜ ਹੈ ਕਿ ਉਹ ਕਿਰਤੀ ਔਰਤਾਂ ਨੂੰ ਰਾਖਵੀਂ ਤਾਕਤ ਦੀ ਬਜਾਏ, ਮਜ਼ਦੂਰ-ਕਿਸਾਨ ਔਰਤਾਂ ਨੂੰ ਐਸੀ ਤਾਕਤਵਾਰ ਫੌਜ਼ ਵਜੋਂ ਵਿਕਸਤ ਕਰੇ ਜੋ ਪ੍ਰੋਲੇਤਾਰੀ ਦੀ ਮਹਾਨ ਇਨਕਲਾਬੀ ਫੌਜ਼ ਦੇ ਮੋਢੇ ਨਾਲ ਮੋਢਾ ਜੋੜ ਕੇ ਲੜਨ ਦੇ ਯੋਗ ਹੋਵੇ।
ਔਰਤ ਕੌਮਾਂਤਰੀ ਦਿਵਸ – ਨੂੰ ਲਾਜ਼ਮੀ ਹੀ ਮਜ਼ਦੂਰ ਤੇ ਕਿਸਾਨ ਔਰਤਾਂ ਲਈ ਅਜਿਹੀ ਸੈਨਾ ਵਿੱਚ ਤਬਦੀਲ ਕਰਨ ਦਾ ਜ਼ਰੀਆ ਬਣਨਾ ਚਾਹੀਦਾ ਹੈ, ਜੋ ਉਨ੍ਹਾਂ ਨੂੰ ਮਜ਼ਦੂਰ ਵਰਗ ਦੀ ਰਾਖਵੀਂ ਤਾਕਤ ਦੀ ਬਜਾਏ ਪ੍ਰੋਲੇਤਾਰੀ ਦੇ ਮੁਕਤੀ ਸੰਘਰਸ਼ ਵਿੱਚ ਸਰਗਰਮ ਹਿੱਸੇਦਾਰ ਬਣਾਵੇ।
ਸਟਾਲਿਨ, 8 ਮਾਰਚ 1925


