ਪੰਜਾਬ ਦੀ ਧਰਤੀ ’ਤੇ ਕਰੀਬ 106 ਵਰ੍ਹੇ ਪਹਿਲਾਂ ਇੱਕ ਅਜਿਹੇ ਯੁੱਗ ਪਲਟਾਊ ਯੋਧੇ ਨੇ ਜਨਮ ਲਿਆ ਸੀ ਜਿਸਨੇ ਨਾ ਕੇਵਲ ਸਦੀਆਂ ਤੋਂ ਗ਼ੁਲਾਮੀ ਦਾ ਜੀਵਨ ਬਸਰ ਕਰ ਰਹੀ ਲੋਕਾਈ ਨੂੰ ਆਜ਼ਾਦੀ ਦਾ ਰਾਹ ਦਿਖਾਇਆ ਬਲਕਿ ਭਾਰਤ ਨੂੰ ਅੰਗਰੇਜ਼ ਹਕੂਮਤ ਦੀਆਂ ਜ਼ੰਜੀਰਾਂ ਤੋੜਕੇ ਮੁਕਤੀ ਦੁਆਉਂਦਿਆਂ ਹਮੇਸ਼ਾਂ-ਹਮੇਸ਼ਾਂ ਲਈ ਅੰਗਰੇਜ਼ੀ ਸ਼ਾਸਨ ਦਾ ਅੰਤ ਕਰ ਦਿੱਤਾ।

ਜ਼ਿੰਦਗੀ ਦੇ 24 ਵਰ੍ਹਿਆਂ ਦੇ ਪੰਧ ਦੌਰਾਨ ਉਸ ਨੌਜਵਾਨ ਨੇ ਅਜਿਹੇ ਇਤਿਹਾਸਕ ਅਤੇ ਮਹੱਤਵਪੂਰਨ ਫ਼ੈਸਲੇ ਲਏ ਜੋ ਭਾਰਤੀਆਂ ਦੀ ਮਾਨਸਿਕ ਤੇ ਆਰਥਿਕ ਅਜ਼ਾਦੀ ਦਾ ਰਾਹ ਦਸੇਰਾ ਬਣਨ ਦੇ ਨਾਲ-ਨਾਲ ਭਾਰਤ ਦੇ ਮੱਥੇ ’ਤੇ ਲੱਗੇ ਗ਼ੁਲਾਮੀ ਦੇ ਕਲੰਕ ਨੂੰ ਵੀ ਧੋ ਗਏ। ਭਾਵੇਂ ਦੇਸ਼ ਦੇ ਆਜ਼ਾਦੀ ਸੰਘਰਸ਼ ਵਿੱਚ ਬਹੁਤ ਸਾਰੇ ਗ਼ਦਰੀ ਬਾਬਿਆਂ, ਦੇਸ਼ ਭਗਤਾਂ, ਇਨਕਲਾਬੀਆਂ ਅਤੇ ਸੂਰਬੀਰਾਂ ਨੇ ਆਪਣਾ ਯੋਗਦਾਨ ਪਾਉਂਦਿਆਂ ਜ਼ਿੰਦਗੀ ਦੀ ਆਹੂਤੀ ਦਿੱਤੀ ਸੀ ਪਰ ਆਜ਼ਾਦੀ ਸੰਗਰਾਮ ਵਿੱਚ ਛੋਟੀ ਉਮਰੇ ਵੱਡੀ ਘਾਲਣਾ ਘਾਲਣ ਵਾਲੇ ਨੌਜਵਾਨ ਭਗਤ ਸਿੰਘ ਦਾ ਨਾਮ ਅੱਜ ਵੀ ਬੜੀ ਸ਼ਿੱਦਤ ਨਾਲ ਲਿਆ ਜਾਂਦਾ ਹੈ। ਜਿੰਨੀ ਪ੍ਰਸਿੱਧੀ ਭਗਤ ਸਿੰਘ ਨੂੰ ਮਿਲੀ ਹੈ, ਸ਼ਾਇਦ ਹੀ ਕਿਸੇ ਹੋਰ ਆਜ਼ਾਦੀ ਪਰਵਾਨੇ ਦੇ ਹਿੱਸੇ ਆਈ ਹੋਵੇ।
ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਪਿੰਡ ਬੰਗਾ ਚੱਕ ਨੰਬਰ 105, ਜ਼ਿਲ੍ਹਾ ਲਾਇਲਪੁਰ (ਹੁਣ ਪਾਕਿਸਤਾਨ) ਵਿਖੇ ਮਾਤਾ ਵਿੱਦਿਆਵਤੀ ਦੀ ਕੁੱਖੋਂ ਪਿਤਾ ਕਿਸ਼ਨ ਸਿੰਘ ਦੇ ਗ੍ਰਹਿ ਵਿਖੇ ਹੋਇਆ ਸੀ। ਭਗਤ ਸਿੰਘ ਹੁਰਾਂ ਦਾ ਜੱਦੀ ਪਿੰਡ ਖਟਕੜ ਕਲਾਂ (ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ) ਹੈ। ਭਗਤ ਸਿੰਘ ਦੇ ਜਨਮ ਲੈਣ ਤੋਂ ਬਾਅਦ ਉਸ ਦੇ ਪਿਤਾ ਕਿਸ਼ਨ ਸਿੰਘ ਨੇਪਾਲ ਤੋਂ ਘਰ ਪਰਤੇ ਸਨ। ਉਸ ਦੇ ਚਾਚਾ ਅਜੀਤ ਸਿੰਘ ਨੂੰ ਕਰੀਬ ਡੇਢ ਮਹੀਨੇ ਬਾਅਦ ਜੇਲ੍ਹ ਤੋਂ ਰਿਹਾਈ ਮਿਲੀ ਸੀ ਅਤੇ ਚਾਚਾ ਸਵਰਨ ਸਿੰਘ ਇੱਕ ਮੁਕੱਦਮੇ ਵਿੱਚ ਬਾਇੱਜ਼ਤ ਬਰੀ ਹੋ ਕੇ ਘਰ ਵਾਪਸ ਆਏ ਸਨ।
ਇੱਕ ਤਰ੍ਹਾਂ ਨਾਲ ਸਮੁੱਚੇ ਪਰਿਵਾਰ ਨੂੰ ਅੰਗਰੇਜ਼ ਸ਼ਾਸਨ ਵੱਲੋਂ ਕੀਤੇ ਜਾ ਰਹੇ ਜਬਰ-ਜ਼ੁਲਮ ਤੋਂ ਨਿਜਾਤ ਮਿਲੀ ਸੀ। ਇਸ ਲਈ ਪਰਿਵਾਰ ਭਗਤ ਸਿੰਘ ਨੂੰ ਭਾਗਾਂ ਵਾਲਾ ਮੰਨਦਾ ਸੀ। ਸਮੁੱਚਾ ਪਰਿਵਾਰ ਦੇਸ਼ ਭਗਤ ਹੋਣ ਕਾਰਨ ਭਗਤ ਸਿੰਘ ਨੂੰ ਦੇਸ਼ ਭਗਤੀ ਦੀ ਗੁੜ੍ਹਤੀ ਪਰਿਵਾਰ ਤੋਂ ਹੀ ਮਿਲੀ ਸੀ। ਇਸੇ ਲਈ ਉਹ ਬਾਲ ਅਵਸਥਾ ਵਿੱਚ ਹੀ ਖੇਤਾਂ ਵਿੱਚ ਬੰਦੂਕਾਂ ਬੀਜਣ ਦੀਆਂ ਗੱਲਾਂ ਕਰਨ ਲੱਗ ਪਿਆ ਸੀ। ਪਰਿਵਾਰ ਦੀ ਇਨਕਲਾਬੀ ਸੋਚ ਅਤੇ ਦੇਸ਼ ਭਗਤਾਂ ਤੋਂ ਪ੍ਰਭਾਵਿਤ ਹੋ ਕੇ ਉਸ ਨੇ ਭਾਰਤੀਆਂ ਨੂੰ ਆਜ਼ਾਦ ਕਰਵਾਉਣ ਤੇ ਅੰਗਰੇਜ਼ੀ ਹਕੂਮਤ ਦਾ ਅੰਤ ਕਰਨ ਦੀ ਠਾਣ ਲਈ ਸੀ। ਉਸ ਵੱਲੋਂ ਐੱਫ.ਏ ਦੀ ਪ੍ਰੀਖਿਆ ਪਾਸ ਕਰਨ ਉਪਰੰਤ ਪਰਿਵਾਰ ਉਸ ਦਾ ਵਿਆਹ ਕਰਨਾ ਚਾਹੁੰਦਾ ਸੀ ਪਰ ਉਹ ਇਸ ਗੱਲ ਨੂੰ ਉਹ ਹਮੇਸ਼ਾਂ ਟਾਲ ਦਿੰਦਾ ਸੀ। ਉਸ ਦਾ ਸੁਪਨਾ ਦੇਸ਼ ਨੂੰ ਆਜ਼ਾਦ ਕਰਵਾਉਣ ਅਤੇ ਹਰੇਕ ਨਾਗਰਿਕ ਨੂੰ ਮਾਣ-ਸਨਮਾਨ ਦੁਆਉਣਾ ਸੀ।
ਭਗਤ ਸਿੰਘ ਮਨੁੱਖ ਹੱਥੋਂ ਮਨੁੱਖ ਦੀ ਹੋ ਰਹੀ ਲੁੱਟ ਦੇ ਸਖ਼ਤ ਖ਼ਿਲਾਫ਼ ਸੀ। ਇਸੇ ਕਰਕੇ ਉਹ ਦੇਸ਼ਵਾਸੀਆਂ ਤੇ ਖ਼ਾਸ ਕਰਕੇ ਨੌਜਵਾਨ ਵਰਗ ਵਿੱਚ ਮਕਬੂਲ ਹੋ ਗਿਆ ਸੀ। ਅੱਜ ਵੀ ਸ਼ਹੀਦ ਭਗਤ ਸਿੰਘ ਨੌਜਵਾਨ ਵਰਗ ਵਿੱਚ ਹਰਮਨ-ਪਿਆਰਾ ਹੈ। ਭਗਤ ਸਿੰਘ ਦੇ ਜੀਵਨ ਨਾਲ ਸਬੰਧਤ ਬਣੀਆਂ ਫ਼ਿਲਮਾਂ ਅਤੇ ਗੀਤਾਂ ਨੂੰ ਨੌਜਵਾਨ ਬੜੇ ਚਾਅ ਨਾਲ ਦੇਖਦਾ-ਸੁਣਦਾ ਹੈ। ਭਗਤ ਸਿੰਘ ਦੀਆਂ ਫੋਟੋਆਂ ਨੂੰ ਆਪਣੇ ਵਾਹਨਾਂ ਸਕੂਟਰਾਂ, ਮੋਟਰਸਾਈਕਲਾਂ, ਕਾਰਾਂ, ਬੱਸਾਂ ਅਤੇ ਘਰਾਂ ਦੀਆਂ ਦੀਵਾਰਾਂ ’ਤੇ ਲਗਾਉਂਦਾ ਹੈ ਪਰ ਇਸ ਸਭ ਦੇ ਬਾਵਜੂਦ ਉਹ ਭਗਤ ਸਿੰਘ ਦੀ ਸੋਚ ਤੇ ਉਸ ਦੇ ਸੁਪਨਿਆਂ ਦਾ ਹਾਣੀ ਨਹੀਂ ਬਣ ਰਿਹਾ। ਇਹੀ ਵਜਾ ਹੈ ਕਿ ਜਿਹੜੇ ਸੁਪਨਿਆਂ ਨੂੰ ਲੈ ਕੇ ਭਗਤ ਸਿੰਘ ਨੇ ਕੁਰਬਾਨੀ ਦਿੱਤੀ ਅਤੇ ਜਿਹੜੇ ਸੁਪਨਿਆਂ ਦਾ ਦੇਸ਼ ਉਹ ਚਾਹੁੰਦਾ ਸੀ, ਉਹ ਨਹੀਂ ਬਣ ਸਕਿਆ।
ਜੇਕਰ ਅਜੋਕੇ ਨੌਜਵਾਨ ਦੀ ਗੱਲ ਕਰੀਏ ਤਾਂ ਅੱਜ ਇਹ ਵਰਗ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਹੇਠ ਆ ਕੇ ਆਪਣੇ ਸੱਭਿਆਚਾਰ ਅਤੇ ਵਿਰਸੇ ਤੋਂ ਦੂਰ ਹੁੰਦਾ ਜਾ ਰਿਹਾ ਹੈ। ਅੱਜ ਨੌਜਵਾਨ ਭਗਤ ਸਿੰਘ ਵਰਗੀ ਮੁੱਛ ਬਣਾਉਣ ਦੀ ਗੱਲ ਕਰਦਾ ਹੈ ਪਰ ਨੌਜਵਾਨਾਂ ਨੇ ਕਦੇ ਇਹ ਨਹੀਂ ਸੋਚਿਆ ਕਿ ਭਗਤ ਸਿੰਘ ਨੇ ਆਪਣੇ ਵਾਲ ਕਿਉਂ ਕਟਵਾਏ ਸਨ? ਪਹਿਲੀ ਗੱਲ ਭਗਤ ਸਿੰਘ ਨੇ ਉਸ ਸਮੇਂ ਦੇ ਹਾਲਾਤ ਨੂੰ ਮੱਦੇਨਜ਼ਰ ਰੱਖਦਿਆਂ ਦੇਸ਼ ਲਈ ਕੁਰਬਾਨੀ ਦੇਣ ਵਾਸਤੇ ਆਪਣੇ ਵਾਲ ਕਟਵਾਏ ਸਨ। ਦੂਜੀ ਗੱਲ ਭਗਤ ਸਿੰਘ ਤੀਖਣ ਬੁੱਧੀ, ਦੂਰਅੰਦੇਸ਼ੀ ਅਤੇ ਆਤਮ-ਵਿਸ਼ਵਾਸ ਵਿੱਚ ਪਰਪੱਕ ਨੌਜਵਾਨ ਸੀ। ਉਸ ਨੇ ਕਾਲਜ ਦੀ ਪੜ੍ਹਾਈ ਦੌਰਾਨ ਨੌਜਵਾਨ ਵਰਗ ਨੂੰ ਇੱਕਮੁੱਠ ਕਰਦਿਆਂ ਸਰਬ ਭਾਰਤ ਨੌਜਵਾਨ ਸਭਾ ਦਾ ਗਠਨ ਕੀਤਾ ਸੀ ਤਾਂ ਜੋ ਨੌਜਵਾਨਾਂ ਨੂੰ ਲਾਮਬੰਦ ਕੀਤਾ ਜਾ ਸਕੇ। ਉਹ ਕਿਤਾਬਾਂ ਪੜ੍ਹਨ ਦੀ ਸ਼ੌਕੀਨ ਸੀ। ਜੇਲ੍ਹ ਵਿੱਚ ਵੀ ਭਗਤ ਸਿੰਘ ਜ਼ਿਆਦਾਤਰ ਸਮਾਂ ਕਿਤਾਬਾਂ ਪੜ੍ਹਦਾ ਰਹਿੰਦਾ ਸੀ। ਜੇਲ੍ਹ ਸਟਾਫ਼ ਕਿਤਾਬਾਂ ਲਿਆਉਂਦਾ ਥੱਕ ਜਾਂਦਾ ਸੀ ਜਦੋਂਕਿ ਹੁਣ ਨੌਜਵਾਨ ਵਰਗ ਤਾਂ ਕੀ ਆਮ ਲੋਕਾਂ ਵਿੱਚ ਵੀ ਕਿਤਾਬਾਂ ਤੇ ਸਾਹਿਤ ਪੜ੍ਹਨ ਦਾ ਰੁਝਾਨ ਤੇ ਸ਼ੌਕ ਖ਼ਤਮ ਹੁੰਦਾ ਜਾ ਰਿਹਾ ਹੈ। ਕਾਲਜਾਂ ਦੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਸਰਬ ਭਾਰਤ ਸਭਾ ਬਾਰੇ ਗਿਆਨ ਤਕ ਨਹੀਂ ਹੈ। ਤੀਜੀ ਗੱਲ ਭਗਤ ਸਿੰਘ ਮਨੁੱਖ ਹੱਥੋਂ ਮਨੁੱਖ ਦੀ ਹੋ ਰਹੀ ਲੁੱਟ ਦੇ ਖ਼ਿਲਾਫ਼ ਸੀ, ਭਾਵੇਂ ਉਹ ਚਿੱਟੀ ਚਮੜੀ ਵਾਲੇ (ਅੰਗਰੇਜ਼) ਹੋਣ ਜਾਂ ਭਾਰਤੀ। ਉਹ ਭੇਦਭਾਵ ਦੇ ਸਖ਼ਤ ਖ਼ਿਲਾਫ਼ ਸੀ। ਇਸ ਦੀ ਮਿਸਾਲ ਜੇਲ੍ਹ ਵਿੱਚ ਬੰਦ ਬੈਰਕ ਦੀ ਸਫ਼ਾਈ ਕਰਨ ਵਾਲੇ ਭੰਗੀ (ਸਫ਼ਾਈ ਸੇਵਕ) ਤੋਂ ਮਿਲਦੀ ਹੈ। ਭਗਤ ਸਿੰਘ ਉਸ ਭੰਗੀ ਨੂੰ ਹਮੇਸ਼ਾਂ ‘ਬੇਬੇ’ ਆਖ ਕੇ ਬਲਾਉਂਦਾ ਸੀ ਤੇ ਉਸ ਦੇ ਹੱਥ ਦੀ ਰੋਟੀ ਖਾਣ ਦੀ ਵੀ ਇੱਛਾ ਰੱਖਦਾ ਸੀ ਪਰ ਦੁੱਖ ਦੀ ਗੱਲ ਹੈ ਕਿ ਅੱਜ ਨੌਜਵਾਨ ਵਰਗ ਭਗਤ ਸਿੰਘ ਵੱਲੋਂ ਲਏ ਸੁਪਨਿਆਂ ਨੂੰ ਭੁਲਾਈ ਬੈਠਾ ਹੈ। ਇਹੀ ਕਾਰਨ ਹੈ ਕਿ ਦੇਸ਼ ਵਿੱਚ ਅਰਾਜਕਤਾ ਦਾ ਮਾਹੌਲ ਹੈ। ਦੇਸ਼ ਵਿੱਚ ਲੁੱਟ-ਖਸੁੱਟ, ਭ੍ਰਿਸ਼ਟਾਚਾਰ, ਜਾਤੀਵਾਦ, ਖੇਤਰਵਾਦ ਅਤੇ ਭੇਦਭਾਵ ਦਾ ਵਰਤਾਰਾ ਵਧਦਾ ਦਾ ਰਿਹਾ ਹੈ। ਨੌਕਰੀਆਂ ਦੇ ਰਸਤੇ ਬੰਦ ਹੋ ਰਹੇ ਹਨ। ਨੌਜਵਾਨ ਵਰਗ ਬੇਕਾਰੀ ਦਾ ਜੀਵਨ ਗੁਜਾਰ ਰਿਹਾ ਹੈ। ਠੇਕੇਦਾਰੀ ਸਿਸਟਮ ਲਾਗੂ ਹੋਣ ਨਾਲ ਸਾਮਰਾਜਵਾਦ ਸਾਡੇ ਮੁਲਕ ਵਿੱਚ ਆਪਦੇ ਪੈਰ ਪਸਾਰ ਰਿਹਾ ਹੈ ਅਤੇ ਦੇਸ਼ ਫਿਰ ਗ਼ੁਲਾਮ ਹੋਣ ਵੱਲ ਵਧ ਰਿਹਾ ਹੈ।
ਨੌਜਵਾਨ ਦੇਸ਼ ਦਾ ਭਵਿੱਖ ਹਨ; ਇਸ ਲਈ ਇਨ੍ਹਾਂ ਨੂੰ ਹੋਸ਼ ਵਿੱਚ ਆਉਣ ਦੀ ਜ਼ਰੂਰਤ ਹੈ। ਦੇਸ਼ ਵਿੱਚ ਪਰੋਸੇ ਜਾ ਰਹੇ ਪੱਛਮੀ ਸੱਭਿਆਚਾਰ ਅਤੇ ਨਸ਼ਿਆਂ ਦੇ ਵਪਾਰੀਆਂ ਤੋਂ ਬਚਣ ਦੀ ਜ਼ਰੂਰਤ ਹੈ। ਕੁਰਸੀ ਖ਼ਾਤਰ ਨੌਜਵਾਨ ਵਰਗ ਨੂੰ ਵੱਖ-ਵੱਖ ਨਸ਼ਿਆਂ ਦੇ ਆਦੀ ਬਣਾਉਣ ਵਾਲੇ, ਧਰਮ, ਜਾਤ-ਪਾਤ, ਇਲਾਕਾਵਾਦ ਦੇ ਨਾਮ ’ਤੇ ਲੋਕਾਂ ਨੂੰ ਵੰਡਣ ਵਾਲੇ ਤੇ ਸੌੜੀ ਸੋਚ ਰੱਖਣ ਵਾਲੇ ਅਖੌਤੀ ਆਗੂਆਂ ਤੋਂ ਬਚਣ ਤੇ ਉਨ੍ਹਾਂ ਦੀ ਪਛਾਣ ਕਰਨ ਦੀ ਜ਼ਰੂਰਤ ਹੈ, ਜਿਹੜੇ ਆਪਣੇ ਨਿੱਜੀ ਮੁਫ਼ਾਦਾਂ ਲਈ ਨੌਜਵਾਨ ਵਰਗ ਨੂੰ ਘਸਿਆਰੇ ਬਣਾ ਰਹੇ ਹਨ। ਭਗਤ ਸਿੰਘ ਦੇ ਸੁਪਨਿਆਂ ਦਾ ਦੇਸ਼ ਬਣਾਉਣ ਲਈ ਨੌਜਵਾਨ ਵਰਗ ਨੂੰ ਉਸ ਦੀ ਫੋਟੋ ਨਾਲ ਮੋਹ ਦੇ ਨਾਲ-ਨਾਲ ਉਸ ਦੇ ਵਿਚਾਰਾਂ ਦਾ ਧਾਰਨੀ ਵੀ ਬਣਨਾ ਪਵੇਗਾ ਤਾਂ ਜੋ ਉਸ ਦੇ ਸੁਪਨਿਆਂ ਦਾ ਦੇਸ਼ ਸਿਰਜਿਆ ਜਾ ਸਕੇ। ਫ਼ਾਂਸੀ ਦੇ ਤਖ਼ਤੇ ’ਤੇ ਚੜ੍ਹਨ ਸਮੇਂ ਭਗਤ ਸਿੰਘ ਵੱਲੋਂ ਗੁਣਗੁਣਾਈਆਂ ਗਈਆਂ ਸਤਰਾਂ ‘ਹਿੰਦ ਵਾਸੀਓ ਰੱਖਣਾ ਯਾਦ ਸਾਨੂੰ, ਕਿਤੋਂ ਦਿਲੋਂ ਨਾ ਭੁਲਾ ਜਾਣਾ’ ਨੂੰ ਆਪਣੇ ਹਿਰਦੇ ਵਿੱਚ ਵਸਾਉਣ ਦੀ ਜ਼ਰੂਰਤ ਹੈ। ਇਸ ਵਿੱਚ ਹੀ ਨੌਜਵਾਨ ਵਰਗ ਅਤੇ ਸਮੁੱਚੇ ਦੇਸ਼ ਦੀ ਭਲਾਈ ਹੈ।


